Genesis 35

1ਪਰਮੇਸ਼ੁਰ ਨੇ ਯਾਕੂਬ ਨੂੰ ਆਖਿਆ, ਉੱਠ ਅਤੇ ਬੈਤਏਲ ਨੂੰ ਜਾ ਅਤੇ ਉੱਥੇ ਹੀ ਵੱਸ ਅਤੇ ਉੱਥੇ ਪਰਮੇਸ਼ੁਰ ਲਈ ਇੱਕ ਜਗਵੇਦੀ ਬਣਾ, ਜਿਸ ਨੇ ਤੈਨੂੰ ਉਸ ਸਮੇਂ ਦਰਸ਼ਨ ਦਿੱਤਾ ਸੀ ਜਦ ਤੂੰ ਆਪਣੇ ਭਰਾ ਏਸਾਓ ਕੋਲੋਂ ਭੱਜਿਆ ਸੀ । 2ਤਦ ਯਾਕੂਬ ਨੇ ਆਪਣੇ ਘਰਾਣੇ ਅਤੇ ਆਪਣੇ ਨਾਲ ਦੇ ਸਾਰੇ ਲੋਕਾਂ ਨੂੰ ਆਖਿਆ, ਤੁਸੀਂ ਪਰਾਏ ਦੇਵਤਿਆਂ ਨੂੰ ਜਿਹੜੇ ਤੁਹਾਡੇ ਵਿੱਚ ਹਨ, ਬਾਹਰ ਸੁੱਟ ਦਿਉ ਅਤੇ ਪਵਿੱਤਰ ਹੋਵੇ ਅਤੇ ਆਪਣੇ ਬਸਤਰ ਬਦਲ ਲਉ । 3ਅਸੀਂ ਉੱਠ ਕੇ ਬੈਤਏਲ ਨੂੰ ਚੱਲੀਏ ਅਤੇ ਉੱਥੇ ਮੈਂ ਇੱਕ ਜਗਵੇਦੀ ਪਰਮੇਸ਼ੁਰ ਲਈ ਬਣਾਵਾਂਗਾ, ਜਿਸ ਨੇ ਮੇਰੀ ਬਿਪਤਾ ਦੇ ਦਿਨ ਮੈਨੂੰ ਉੱਤਰ ਦਿੱਤਾ ਅਤੇ ਜਿਸ ਰਸਤੇ ਤੇ ਮੈਂ ਚੱਲਦਾ ਸੀ, ਉਸ ਵਿੱਚ ਮੇਰੇ ਨਾਲ-ਨਾਲ ਰਿਹਾ ।

4ਤਦ ਉਨ੍ਹਾਂ ਨੇ ਸਾਰੇ ਪਰਾਏ ਦੇਵਤਿਆਂ ਨੂੰ ਜਿਹੜੇ ਉਨ੍ਹਾਂ ਦੇ ਹੱਥਾਂ ਵਿੱਚ ਸਨ ਅਤੇ ਕੰਨਾਂ ਦੇ ਕੁੰਡਲ ਯਾਕੂਬ ਨੂੰ ਦੇ ਦਿੱਤੇ, ਤਦ ਯਾਕੂਬ ਨੇ ਉਨ੍ਹਾਂ ਨੂੰ ਬਲੂਤ ਦੇ ਰੁੱਖ ਹੇਠ ਜਿਹੜਾ ਸ਼ਕਮ ਦੇ ਨੇੜੇ ਸੀ, ਦੱਬ ਦਿੱਤਾ । 5ਤਦ ਓਹ ਉੱਥੋਂ ਤੁਰ ਪਏ ਅਤੇ ਉਨ੍ਹਾਂ ਦੇ ਚਾਰ-ਚੁਫ਼ੇਰੇ ਦੇ ਨਗਰਾਂ ਉੱਤੇ ਪਰਮੇਸ਼ੁਰ ਦਾ ਭੈ ਛਾ ਗਿਆ, ਇਸ ਲਈ ਉਨ੍ਹਾਂ ਨੇ ਯਾਕੂਬ ਦੇ ਪੁੱਤਰਾਂ ਦਾ ਪਿੱਛਾ ਨਾ ਕੀਤਾ ।

6ਯਾਕੂਬ ਅਤੇ ਉਸ ਦੇ ਨਾਲ ਦੇ ਸਾਰੇ ਲੋਕ ਲੂਜ਼ ਵਿੱਚ ਆਏ, ਜਿਹੜਾ ਕਨਾਨ ਦੇ ਦੇਸ਼ ਵਿੱਚ ਹੈ । ਇਹ ਹੀ ਬੈਤਏਲ ਹੈ । 7ਉਸ ਨੇ ਉੱਥੇ ਇੱਕ ਜਗਵੇਦੀ ਬਣਾਈ ਅਤੇ ਉਸ ਸਥਾਨ ਦਾ ਨਾਮ ਏਲ-ਬੈਤਏਲ ਰੱਖਿਆ ਕਿਉਂ ਜੋ ਉੱਥੇ ਹੀ ਪਰਮੇਸ਼ੁਰ ਨੇ ਉਸ ਨੂੰ ਦਰਸ਼ਨ ਦਿੱਤਾ ਸੀ, ਜਦ ਉਹ ਆਪਣੇ ਭਰਾ ਦੇ ਅੱਗੋਂ ਭੱਜਿਆ ਸੀ । 8ਤਦ ਰਿਬਕਾਹ ਦੀ ਦਾਈ ਦਬੋਰਾਹ ਮਰ ਗਈ ਅਤੇ ਉਹ ਬੈਤਏਲ ਵਿੱਚ ਬਲੂਤ ਦੇ ਰੁੱਖ ਹੇਠਾਂ ਦਫ਼ਨਾਈ ਗਈ, ਤਾਂ ਉਸ ਦਾ ਨਾਮ ਅੱਲੋਨ-ਬਾਕੂਥ ਰੱਖਿਆ ਗਿਆ ।

9ਤਦ ਯਾਕੂਬ ਦੇ ਪਦਨ ਅਰਾਮ ਤੋਂ ਵਾਪਿਸ ਆਉਣ ਦੇ ਬਾਅਦ ਪਰਮੇਸ਼ੁਰ ਨੇ ਯਾਕੂਬ ਨੂੰ ਫੇਰ ਦਰਸ਼ਨ ਦਿੱਤਾ ਅਤੇ ਉਸ ਨੂੰ ਬਰਕਤ ਦਿੱਤੀ । 10ਤਦ ਪਰਮੇਸ਼ੁਰ ਨੇ ਉਸ ਨੂੰ ਆਖਿਆ, ਤੇਰਾ ਨਾਮ ਯਾਕੂਬ ਹੈ, ਪਰ ਅੱਗੇ ਨੂੰ ਤੇਰਾ ਨਾਮ ਯਾਕੂਬ ਨਹੀਂ ਪੁਕਾਰਿਆ ਜਾਵੇਗਾ, ਸਗੋਂ ਤੇਰਾ ਨਾਮ ਇਸਰਾਏਲ ਹੋਵੇਗਾ । ਇਸ ਤਰ੍ਹਾਂ ਉਸ ਨੇ ਉਹ ਦਾ ਨਾਮ ਇਸਰਾਏਲ ਰੱਖਿਆ ।

11ਫਿਰ ਪਰਮੇਸ਼ੁਰ ਨੇ ਉਸ ਨੂੰ ਆਖਿਆ, ਮੈਂ ਸਰਬ ਸ਼ਕਤੀਮਾਨ ਪਰਮੇਸ਼ੁਰ ਹਾਂ । ਤੂੰ ਫਲ ਅਤੇ ਵੱਧ ਅਤੇ ਤੇਰੇ ਤੋਂ ਇੱਕ ਕੌਮ ਸਗੋਂ ਕੌਮਾਂ ਦੇ ਦਲ ਪੈਦਾ ਹੋਣਗੇ ਅਤੇ ਤੇਰੇ ਵੰਸ਼ ਤੋਂ ਰਾਜੇ ਨਿੱਕਲਣਗੇ । 12ਅਤੇ ਉਹ ਦੇਸ਼ ਜਿਹੜਾ ਮੈਂ ਅਬਰਾਹਾਮ ਅਤੇ ਇਸਹਾਕ ਨੂੰ ਦਿੱਤਾ ਸੀ, ਮੈਂ ਤੈਨੂੰ ਦਿਆਂਗਾ ਅਤੇ ਤੇਰੇ ਪਿੱਛੋਂ ਤੇਰੇ ਵੰਸ਼ ਨੂੰ ਵੀ ਦਿਆਂਗਾ । 13ਤਦ ਪਰਮੇਸ਼ੁਰ ਉਸ ਦੇ ਕੋਲੋਂ, ਉਸ ਸਥਾਨ ਤੋਂ ਜਿੱਥੇ ਉਹ ਉਸ ਦੇ ਨਾਲ ਗੱਲ ਕਰਦਾ ਸੀ, ਉਤਾਹਾਂ ਚਲਾ ਗਿਆ ।

14ਯਾਕੂਬ ਨੇ ਉਸ ਥਾਂ ਉੱਤੇ ਇੱਕ ਥੰਮ੍ਹ ਖੜ੍ਹਾ ਕੀਤਾ, ਜਿੱਥੇ ਪਰਮੇਸ਼ੁਰ ਨੇ ਉਹ ਦੇ ਨਾਲ ਗੱਲ ਕੀਤੀ, ਅਰਥਾਤ ਪੱਥਰ ਦਾ ਇੱਕ ਥੰਮ੍ਹ ਅਤੇ ਉਸ ਦੇ ਉੱਤੇ ਪੀਣ ਦੀ ਭੇਟ ਚੜ੍ਹਾਈ ਅਤੇ ਤੇਲ ਡੋਲ੍ਹਿਆ । 15ਯਾਕੂਬ ਨੇ ਉਸ ਸਥਾਨ ਦਾ ਨਾਮ ਜਿੱਥੇ ਪਰਮੇਸ਼ੁਰ ਨੇ ਉਹ ਦੇ ਨਾਲ ਗੱਲ ਕੀਤੀ ਸੀ, ਬੈਤਏਲ ਰੱਖਿਆ ।

16ਫਿਰ ਉਹ ਬੈਤਏਲ ਤੋਂ ਤੁਰ ਪਏ, ਅਤੇ ਜਦ ਅਫਰਾਥ ਥੋੜ੍ਹੀ ਹੀ ਦੂਰ ਰਹਿੰਦਾ ਸੀ, ਤਾਂ ਰਾਖ਼ੇਲ ਨੂੰ ਜਣਨ ਦੀਆਂ ਪੀੜਾਂ ਹੋਣ ਲੱਗੀਆਂ ਅਤੇ ਉਸ ਨੂੰ ਜਣਨ ਦਾ ਸਖ਼ਤ ਕਸ਼ਟ ਹੋਇਆ । 17ਜਦ ਉਹ ਜਣਨ ਦੇ ਕਸ਼ਟ ਵਿੱਚ ਸੀ ਤਾਂ ਦਾਈ ਨੇ ਉਸ ਨੂੰ ਆਖਿਆ, ਨਾ ਡਰ, ਕਿਉਂ ਜੋ ਹੁਣ ਵੀ ਤੇਰੇ ਇੱਕ ਪੁੱਤਰ ਹੀ ਜੰਮੇਗਾ । 18ਤਦ ਅਜਿਹਾ ਹੋਇਆ ਕਿ ਜਦ ਉਸ ਦੇ ਪ੍ਰਾਣ ਨਿੱਕਲਣ ਨੂੰ ਸਨ ਅਤੇ ਉਹ ਮਰਨ ਵਾਲੀ ਸੀ, ਤਾਂ ਉਸ ਨੇ ਉਸ ਬੱਚੇ ਦਾ ਨਾਮ ਬਨ-ਓਨੀ ਰੱਖਿਆ, ਪਰ ਉਸ ਦੇ ਪਿਤਾ ਨੇ ਉਹ ਦਾ ਨਾਮ ਬਿਨਯਾਮੀਨ ਰੱਖਿਆ । 19ਇਸ ਤਰ੍ਹਾਂ ਰਾਖਲ ਮਰ ਗਈ ਅਤੇ ਅਫਰਾਥ ਦੇ ਰਾਹ ਵਿੱਚ ਦਫ਼ਨਾਈ ਗਈ । ਇਹੋ ਹੀ ਬੈਤਲਹਮ ਹੈ । 20ਯਾਕੂਬ ਨੇ ਉਸ ਦੀ ਕਬਰ ਉੱਤੇ ਇੱਕ ਥੰਮ੍ਹ ਖੜ੍ਹਾ ਕੀਤਾ ਅਤੇ ਰਾਖ਼ੇਲ ਦੀ ਕਬਰ ਦਾ ਥੰਮ੍ਹ ਅੱਜ ਤੱਕ ਹੈ ।

21ਫਿਰ ਇਸਰਾਏਲ ਤੁਰ ਪਿਆ ਅਤੇ ਆਪਣਾ ਤੰਬੂ ਏਦਰ ਦੇ ਬੁਰਜ ਦੇ ਪਰਲੇ ਪਾਸੇ ਖੜ੍ਹਾ ਕੀਤਾ ।

22ਜਦ ਇਸਰਾਏਲ ਉਸ ਦੇਸ਼ ਵਿੱਚ ਵੱਸਦਾ ਸੀ, ਤਾਂ ਰਊਬੇਨ ਜਾ ਕੇ ਆਪਣੇ ਪਿਤਾ ਦੀ ਰਖ਼ੈਲ ਬਿਲਹਾਹ ਦੇ ਨਾਲ ਲੇਟਿਆ ਅਤੇ ਇਸਰਾਏਲ ਨੂੰ ਇਸ ਦੀ ਖ਼ਬਰ ਹੋਈ ।

23ਯਾਕੂਬ ਦੇ ਬਾਰਾਂ ਪੁੱਤਰ ਸਨ । ਲੇਆਹ ਦੇ ਇਹ ਸਨ: ਯਾਕੂਬ ਦਾ ਪਹਿਲੌਠਾ ਰਊਬੇਨ, ਫਿਰ ਸ਼ਿਮਓਨ, ਲੇਵੀ, ਯਹੂਦਾਹ, ਯਿੱਸ਼ਾਕਾਰ ਅਤੇ ਜਬੁਲੂਨ । 24ਰਾਖ਼ੇਲ ਦੇ ਪੁੱਤਰ ਯੂਸੁਫ਼ ਅਤੇ ਬਿਨਯਾਮੀਨ ਸਨ । 25ਰਾਖ਼ੇਲ ਦੀ ਦਾਸੀ ਬਿਲਹਾਹ ਦੇ ਪੁੱਤਰ ਦਾਨ ਅਤੇ ਨਫ਼ਤਾਲੀ ਸਨ

26ਅਤੇ ਲੇਆਹ ਦੀ ਦਾਸੀ ਜ਼ਿਲਪਾਹ ਦੇ ਪੁੱਤਰ ਗਾਦ ਅਤੇ ਆਸ਼ੇਰ ਸਨ । ਯਾਕੂਬ ਦੇ ਪੁੱਤਰ ਜਿਹੜੇ ਪਦਨ ਅਰਾਮ ਵਿੱਚ ਉਹ ਦੇ ਲਈ ਜੰਮੇ, ਇਹੋ ਸਨ ।

27ਯਾਕੂਬ ਆਪਣੇ ਪਿਤਾ ਇਸਹਾਕ ਕੋਲ ਮਮਰੇ ਵਿੱਚ ਜਿਹੜਾ ਕਿਰਯਥ ਅਰਬਾ ਅਰਥਾਤ ਹਬਰੋਨ ਹੈ, ਆਇਆ ਜਿੱਥੇ ਅਬਰਾਹਾਮ ਅਤੇ ਇਸਹਾਕ ਪਰਦੇਸੀ ਹੋ ਕੇ ਰਹੇ ਸਨ

28ਇਸਹਾਕ ਦੀ ਕੁੱਲ ਉਮਰ ਇੱਕ ਸੌ ਅੱਸੀ ਸਾਲ ਹੋਈ । ਤਦ ਇਸਹਾਕ ਪ੍ਰਾਣ ਤਿਆਗ ਕੇ ਮਰ ਗਿਆ, ਉਹ ਚੰਗੇ ਬਿਰਧਪੁਣੇ ਵਿੱਚ ਅਰਥਾਤ ਪੂਰੇ ਬੁਢਾਪੇ ਵਿੱਚ ਆਪਣੇ ਲੋਕਾਂ ਵਿੱਚ ਜਾ ਮਿਲਿਆ ਅਤੇ ਉਸ ਦੇ ਪੁੱਤਰਾਂ ਏਸਾਓ ਅਤੇ ਯਾਕੂਬ ਨੇ ਉਸ ਨੂੰ ਦਫ਼ਨਾ ਦਿੱਤਾ ।

29

Copyright information for PanULB